ਕਵਿਤਾ ਕਿਵੇਂ ਲਿਖੀਏ | How to Write Poetry | Kavi Karajshala
Dr. Hari Singh Jachak Dr. Hari Singh Jachak
2.58K subscribers
1,847 views
149

 Published On Jun 30, 2023

ਕਵਿਤਾ ਕਿਵੇਂ ਲਿਖੀਏ | How to Write Poetry | Kavi Karajshala

                ਕਵਿਤਾ ਕਿਵੇਂ ਲਿਖੀਏ
ਦਾਸ ਦੀਆਂ 11 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਫੇਸਬੁੱਕ, ਯੂਟਿਊਬ,ਵਟਸਐਪ, ਵੈਬਸਾਈਟ ਆਦਿ ਤੇ ਆਪ ਜੀ ਮੇਰੀਆਂ ਸੈਂਕੜੇ ਕਵਿਤਾਵਾਂ ਪੜ੍ਹ ਅਤੇ ਸੁਣ ਸਕਦੇ ਹੋ।ਪਿਛਲੇ ਕੁਝ ਸਮੇਂ ਤੋਂ ਕਈ ਮਿੱਤਰ ਪਿਆਰਿਆਂ ਤੇ ਕਵਿਤਾ ਲਿਖਣ ਦੀ ਰੀਝ ਰੱਖਣ ਵਾਲੇ ਅਤੇ ਉਭਰਦੇ ਕਵੀ ਸਾਹਿਬਾਨ ਦੀ ਇਛਾ ਸੀ ਕਿ ਕਵਿਤਾ ਬਾਰੇ ਕੁਝ ਸੁਆਲਾਂ ਅਤੇ ਵਿਸ਼ਿਆਂ ਜਿਵੇਂ ਕਿ ਕਵਿਤਾ ਕੀ ਹੈ, ਕਵਿਤਾ ਕਿਵੇਂ ਲਿਖੀਏ,ਪਿੰਗਲ ਤੇ ਅਰੂਜ਼ ਕੀ ਹਨ ਤੇ ਇਸ ਦੇ ਕਿਹੜੇ ਕਿਹੜੇ ਨਿਯਮ ਹਨ ,ਕਵਿਤਾ ਦੀਆਂ ਕਿਹੜੀਆਂ ਕਿਹੜੀਆਂ ਵੰਨਗੀਆਂ ਹਨ ਅਤੇ ਕਵਿਤਾ ਦੇ ਕਿਹੜੇ ਕਿਹੜੇ ਤੱਤ, ਲੱਛਣ ਤੇ ਵਿਸ਼ੇਸ਼ਤਾਈਆਂ ਆਦਿਕ ਬਾਰੇ ਵਿਚਾਰ ਸਾਂਝੇ ਕੀਤੇ ਜਾਣ।ਜਿਨ੍ਹਾਂ ਨੂੰ ਮੁੱਖ ਰੱਖ ਕੇ ਦਾਸ ਵਲੋਂ ਇਨ੍ਹਾਂ ਬਾਰੇ ਮੁਢਲੀ ਜਾਣਕਾਰੀ ਦੇਣ ਲਈ ਇਕ ਲੈਕਚਰ ਲੜੀ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਜਿਸ ਦੀਆਂ ਵੀਡੀਓਸ ਸਮੇਂ ਸਮੇਂ ਤੇ ਦਾਸ ਦੀ ਯੂ ਟੀਊਬ ਤੇ ਅਪਲੋਡ ਕੀਤੀਆਂ ਜਾਣਗੀਆਂ।
ਅੱਜ ‘ਕਵਿਤਾ ਕਿਵੇਂ ਲਿਖੀਏ’ ਵਿਸ਼ੇ ਤੇ ਕੁਝ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਕਵਿਤਾ ਲਿਖਣੀ ਚਾਹੁਣ ਵਾਲੇ ਅਤੇ ਕਈ ਉਭਰਦੇ ਕਵੀ ਅਤੇ ਕਈ ਓਹ ਜਿਨ੍ਹਾਂ ਦੀਆਂ ਕਵਿਤਾਵਾਂ ਸਾਂਝੇ ਕਾਵਿ ਸੰਗ੍ਰਿਹਾਂ ਵਿੱਚ ਛਪਦੀਆਂ ਰਹਿੰਦੀਆਂ ਹਨ ਅਤੇ ਜ਼ੋਂ ਸੋਸਲ ਮੀਡੀਆ ਤੇ ਵੀ ਕਵਿਤਾਵਾਂ ਸਾਝੀਆਂ ਕਰਦੇ ਰਹਿੰਦੇ ਹਨ ਓਨ੍ਹਾਂ ਸਭ ਨੂੰ ਮੁਬਾਰਕਬਾਦ ਦਿੰਦਾ ਹਾਂ।
ਮੇਰੀ ਬੇਨਤੀ ਹੈ ਕਿ ਕਵਿਤਾ ਲਿਖਣ ਤੋਂ ਪਹਿਲਾਂ ਕਵਿਤਾ ਸੁਣਨ, ਪੜ੍ਹਨ ਅਤੇ ਸਿੱਖਣ ਦੀ ਜ਼ਰੂਰਤ ਹੈ । ਇਸ ਲਈ ਪਰੋੜ ਕਵੀਆਂ ਦੀਆਂ ਕਵਿਤਾਵਾਂ ਪੜ੍ਹਨੀਆਂ ਤੇ ਸੁਣਨੀਆਂ ਜਰੂਰ ਚਾਹੀਦੀਆਂ ਹਨ।
ਮੈਨੂੰ ਯਾਦ ਹੈ ਕਿ ਅੱਜ ਤੋ ਅੱਧੀ ਸਦੀ ਤੋ ਵੀ  ਪਹਿਲਾਂ ਜਦੋਂ ਮੈਂ ਸਕੂਲ ਵਿੱਚ ਪ੍ਰਾਇਮਰੀ ਕਲਾਸਾਂ ਵਿੱਚ ਪੜ੍ਹਦਾ ਹੁੰਦਾ ਸੀ ਤਾਂ ਮੈਂ ਸਨਿਚਰਵਾਰ ਬਾਲ ਸਭਾ ਵਿੱਚ ਹੋਰ ਕਵੀਆਂ ਦੀਆਂ ਛੋਟੀਆਂ ਛੋਟੀਆਂ ਕਵਿਤਾਵਾਂ ਤਾੜੀਆਂ ਦੀ ਗੂੰਜ ਵਿੱਚ ਸੁਣਾਇਆ ਕਰਦਾ ਸੀ ਅਤੇ ਮੈਨੂੰ ਆਪਣੇ ਅਧਿਆਪਕਾਂ ਵਲੋਂ ਸ਼ਾਬਾਸ਼ ਮਿਲਿਆ ਕਰਦੀ ਸੀ ਅਤੇ ਮੈਨੂੰ ਬਹੁਤ ਖੁਸ਼ੀ ਮਿਲਦੀ ਸੀ।ਅਤੇ ਇਸ ਤੋਂ ਬਾਅਦ ਕਾਲਜ ਵਿੱਚ ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਲਗਾਏ ਜਾਂਦੇ ਨੈਤਿਕ ਸਿਖਿਆ ਕੈਂਪਾ ਵਿੱਚ ਵੀ ਮਾਣ ਸਨਮਾਨ ਮਿਲਣ ਲੱਗੇ।ਹੋਲੀ ਹੋਲੀ ਆਪ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ ਅਤੇ ਉਸਤਾਦ ਕਵੀਆਂ ਸਰਦਾਰ ਰਾਮ ਨਰਾਇਣ ਸਿੰਘ ਜੀ ਦਰਦੀ ਆਦਿ ਤੋਂ ਸੁਧਾਈ ਕਰਵਾਉਣੀ ਸ਼ੁਰੂ ਕੀਤੀ।ਇਸ ਲਈ ਪਹਿਲਾਂ ਕਵਿਤਾਵਾਂ ਦੀਆਂ ਪੁਸਤਕਾਂ ਲੈ ਕੇ ਓਨ੍ਹਾਂ ਕਵਿਤਾਵਾਂ ਨੂੰ ਪੜੋ ਅਤੇ ਸਟੇਜ ਤੇ ਸੋਹਣੇ ਢੰਗ ਨਾਲ ਪੇਸ਼ ਕਰੋ। ਕਵਿਤਾ ਨੂੰ ਪੜ੍ਹਨ ਅਤੇ ਯਾਦ ਕਰਨ ਨਾਲ ਕਵਿਤਾ ਲਈ ਇੱਕ ਉਤਸ਼ਾਹ ਪੈਦਾ ਹੋ ਸਕਦਾ ਹੈ ਅਤੇ ਕਵਿਤਾ ਦੀ ਰਚਨਾਤਮਕਤਾ ਦੀ ਸ਼ੁਰੂਆਤ ਹੀ ਹੈ ।

ਕਵਿਤਾ ਲਿਖਣ ਲਈ ਜਰੂਰੀ ਗੱਲਾਂ

ਸਭ ਤੋ ਪਹਿਲਾਂ ਕਿਸ ਵਿਸ਼ੇ ਤੇ ਕਵਿਤਾ ਲਿਖਣੀ ਹੈ ਉਸ ਬਾਰੇ ਸੋਚਣਾ ਸ਼ੁਰੂ ਕਰੋ।ਉਸ ਵਿਸ਼ੇ ਬਾਰੇ ਪੁਸਤਕਾਂ ਪੜ੍ਹ ਕੇ ਆਪਣੇ ਗਿਆਨ ਵਿੱਚ ਵਾਧਾ ਕਰੋ ਅਤੇ ਓਹ ਵਿਸ਼ਾ ਆਪਣੇ ਮਨ ਅੰਦਰ ਵਸਾ ਲਵੋ।ਕਾਗਜ਼ ਤੇ ਪੈਨ ਹਮੇਸ਼ਾਂ ਆਪਣੇ ਪਾਸ ਰੱਖੋ ਤਾਂ ਕਿ ਜਦੋਂ ਵੀ ਉਸ ਵਿਸ਼ੇ ਬਾਰੇ ਕੋਈ ਵਿਚਾਰ ਪਰਵਾਹ ਅੰਦਰੋਂ ਉਛਾਲੇ ਮਾਰੇ ਤਾਂ ਉਸ ਨੂੰ ਕਾਪੀ ਵਿੱਚ ਲਿਖ ਲਵੋ।ਬਿਨ੍ਹਾਂ ਵਿਸ਼ੇ ਤੋ ਜੇਕਰ ਆਪ ਜੀ ਲਿਖਣਾ ਸ਼ੁਰੂ ਕਰੋਗੇ ਤਾਂ ਖਿਆਲਾਂ ਦੀ ਉਡਾਰੀ ਕਦੇ ਪੂਰਬ ਨੂੰ ਕਦੇ ਪੱਛਮ,ਕਦੇ ਉਤਰ ਤੇ ਕਦੇ ਦੱਖਣ ਨੂੰ ਲੈ ਜਾਵੇਗੀ। ਜਿਸ ਨਾਲ ਇਕ ਖਿਆਲ ਨਹੀਂ ਬਣੇਗਾ ਅਤੇ ਨਾ ਆਪ ਨੂੰ ਪੜ੍ਹਨ ਦਾ ਸੁਆਦ ਆਵੇਗਾ ਅਤੇ ਨਾ ਹੀ ਸਰੋਤਿਆਂ ਨੂੰ ਸੁਣਨ ਦਾ।
ਛੰਦਾਬੰਦ ਕਵਿਤਾ ਲਿਖਣ ਲਈ ਪਿੰਗਲ ਤੇ ਅਰੂਜ਼ ਦੀ ਮੁਢਲੀ ਜਾਣਕਾਰੀ ਹੋਣੀ ਵੀ ਜਰੂਰੀ ਹੈ।ਇਸ ਲਈ ਕਈ ਵਿਦਵਾਨਾਂ ਦੀਆਂ ਪੁਸਤਕਾਂ ਦੁਕਾਨਾਂ ਤੋਂ ਪ੍ਰਾਪਤ ਹੋ ਜਾਂਦੀਆਂ ਹਨ ਜਿਵੇਂ ਕਿ
ਸੰਪੂਰਨ ਪਿੰਗਲ ਅਤੇ ਅਰੂਜ਼ ਸ੍ਰ. ਸੁਲੱਖਣ ਸਿੰਘ ਸਰਹੱਦੀ
ਸਰਲ ਪਿੰਗਲ ਤੇ ਅਰੂਜ਼ ਸ੍ਰ. ਸੁਲੱਖਣ ਸਿੰਘ ਸਰਹੱਦੀ
ਪਿੰਗਲ ਤੇ ਅਰੂਜ਼ ਪ੍ਰੋਫੈਸਰ ਜੋਗਿੰਦਰ ਸਿੰਘ
ਪਿੰਗਲ ਤੇ ਅਰੂਜ਼ ਦੀ ਸੂਝ ਪ੍ਰੇਮ ਸਿੰਘ ਮਸਤਾਨਾ
ਪੰਜਾਬੀ ਛੰਦ—ਵਿਧਾਨ ਡਾ. ਜਸਵਿੰਦਰ ਕੌਰ ਸੱਗੂ ਗੁਰਛੰਦ ਦਿਵਾਕਰ ਭਾਈ ਕਾਨ੍ਹ ਸਿੰਘ ਨਾਭਾ ਪਿੰਗਲ ਅਤੇ ਸਾਹਿਤ ਭੇਦ ਜਸਵੰਤ ਬੇਗੋਵਾਲ ਭਾਰਤੀ ਕਾਵਿ—ਸ਼ਾਸਤ੍ਰ ਡਾ. ਪ੍ਰੇਮ ਪ੍ਰਕਾਸ਼ ਸਿੰਘ ਧਾਰੀਵਾਲ ਆਦਿਕ

ਸ਼ਬਦਾਂ ਦਾ ਭੰਡਾਰ

ਕਵਿਤਾ ਲਿਖਣ ਲਈ ਸ਼ਬਦ ਭੰਡਾਰ ਹੋਣਾ ਬਹੁਤ ਜਰੂਰੀ ਹੈ। ਇਸ ਦੇ ਨਾਲ ਮੁਹਾਵਰੇ ਅਤੇ ਅਖਾਣ ਆਦਿ ਵੀ ਸੋਨੇ ਤੇ ਸੁਹਾਗੇ ਵਾਲਾ ਕੰਮ ਕਰਦੇ ਹਨ।ਇਸ ਦੇ ਨਾਲ ਨਾਲ ਪ੍ਰਤੀਕ, ਬਿੰਬ,ਅਲੰਕਾਰ ਅਤੇ ਰਸ ਆਦਿਕ ਵੀ ਕਵਿਤਾ ਨੂੰ ਚਾਰ ਚੰਨ ਲਗਾਉਦੇ ਹਨ।ਇਸ ਲਈ ਇਨ੍ਹਾਂ ਸਭ ਬਾਰੇ ਵੀ ਗਿਆਨ ਪ੍ਰਾਪਤ ਕਰਨਾ ਬਹੁਤ ਜਰੂਰੀ ਹੈ ਤਾਂ ਹੀ ਕਵਿਤਾ ਅਸਲ ਵਿੱਚ ਕਵਿਤਾ ਕਹਾਏਗੀ।ਕਵਿਤਾ ਵਿੱਚ ਰਦੀਫ ਅਤੇ ਕਾਫੀਆ ਕਿਥੇ ਲਗਾਉਣਾ ਹੈ।ਇਸ ਦੇ ਨਾਲ ਨਾਲ ਨਾਲ ਸੁਰ ਤਾਲ ਦਾ ਤੇ ਲੈਅ ਵੀ ਕਵਿਤਾ ਦੇ ਖਾਸ ਅੰਗ ਹਨ  ਕਵਿਤਾ ਦਾ ਮਨੁੱਖ ਦੇ ਅੰਦਰੂਨੀ ਸੰਸਾਰ ਤੇ ਬਹੁਤ ਵੱਡਾ ਪਰਭਾਵ ਹੈ।

ਸੁਧਾਈ

ਇਸ ਲਈ ਕਵਿਤਾ ਲਿਖਣ ਤੋਂ ਬਾਅਦ ਘੱਟ ਤੋਂ ਘੱਟ ਪੰਜ ਛੇ ਵਾਰ ਆਪ ਸੁਧਾਈ ਕਰੋ ਅਤੇ ਵਿਆਕਰਣਕ ਗਲਤੀਆਂ ਦੀ ਸੁਧਾਈ ਵੱਲ ਖਾਸ ਧਿਆਨ ਦਿਓ। ਬਿੰਦੀ, ਟਿੱਪੀ, ਅੱਧਕ ਆਦਿ ਯੋਗ ਥਾਵਾਂ ਤੇ ਹੋਣੇ ਚਾਹੀਦੇ ਹਨ। ਉਪਰੰਤ ਸੋਸ਼ਲ ਮੀਡੀਆ ਤੇ ਪੋਸਟ ਕਰਨ ਜਾਂ ਕਿਸੇ ਸਾਂਝੀ ਪੁਸਤਕ ਵਿੱਚ ਛਪਵਾਉਣ ਤੋਂ ਪਹਿਲਾਂ ਕਿਸੇ ਨਾਮੀ ਉਸਤਾਦ ਤੋਂ ਜਰੂਰ ਵਿਖਾਓ ਅਤੇ ਜੇਕਰ ਓਹ ਕੋਈ ਸੁਝਾਅ ਦਿੰਦਾ ਹੈ ਤਾਂ ਉਸ ਅਨੁਸਾਰ ਤਬਦੀਲੀ ਕਰੋ।ਕਿਸੇ ਕਾਹਲੀ ਵਿੱਚ ਆ ਕੇ ਕਦੇ ਵੀ ਕੱਚੀ ਕਵਿਤਾ ਨੂੰ ਸੋਸ਼ਲ ਮੀਡੀਆ ਤੇ ਪੋਸਟ ਨਾ ਕਰੋ।ਅਜਕਲ ਗਜ਼ਲ ਦੇ ਉਸਤਾਦ ਕਵੀ ਸੁਲੱਖਣ ਸਰਹੱਦੀ ਜੀ, ਗੁਰਦਿਆਲ ਰੋਸ਼ਨ ਜੀ, ਸਰਦਾਰ ਅਮਰਜੀਤ ਸਿੰਘ ਸੰਧੂ ਜੀ, ਸਰਦਾਰ ਅਮਰ ਸਿੰਘ ਸੂਫੀ, ਗੁਰਚਰਨ ਕੌਰ ਕੌਚਰ ਜੀ, ਪਾਲੀ ਖਾਦਿਮ ਜੀ ਆਦਿ ਨਾਮੀ ਉਸਤਾਦ ਹਨ।ਸ੍ਰੀ ਕ੍ਰਿਸ਼ਨ ਭਨੋਟ ਜੀ ਅਤੇ ਸਰਦਾਰ ਅਮਰਜੀਤ ਸਿੰਘ ਸੰਧੂ ਜੀ ਦੇ ਗਜ਼ਲ ਸਕੂਲ ਵੀ ਹਨ।ਇਸੇ ਤਰ੍ਹਾਂ ਕਵੀਸ਼ਰੀ ਦੇ ਖੇਤਰ ਵਿੱਚ ਛੰਦਾਬੰਦੀ ਦੀ ਭਰਪੂਰ ਵਾਕਫੀ ਰੱਖਣ ਵਾਲੇ ਸਰਦਾਰ ਦਰਸ਼ਨ ਸਿੰਘ ਭੰਮੇ ਅਤੇ ਸਰਦਾਰ ਹਰਵਿੰਦਰ ਸਿੰਘ ਰੋਡੇ ਆਦਿਕ ਹਨ।ਬੈਂਤ ਅਤੇ ਹੋਰ ਵੰਨ਼ਗੀਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਡਾ. ਹਰੀ ਸਿੰਘ ਜਾਚਕ, ਸਰਦਾਰ ਗੁਰਦਿਆਲ ਸਿੰਘ ਨਿਮਰ ਤੇ ਇੰਜੀਨੀਅਰ ਕਰਮਜੀਤ ਸਿੰਘ ਨੂਰ ਆਦਿ ਨਾਲ ਸੰਪਰਕ ਕੀਤਾ ਜਾ ਸਕਦਾ ਹੈ।


ਕਵਿਤਾਵਾਂ ਕਿੰਨਾਂ ਵਿਸ਼ਿਆਂ ਤੇ ਲਿਖਣੀਆਂ ਚਾਹੀਦੀਆਂ ਹਨ ਤੇ ਕਿੰਨ੍ਹਾਂ ਤੇ ਨਹੀਂ

ਕਵਿਤਾਵਾਂ ਓਨ੍ਹਾਂ ਵਿਸ਼ਿਆਂ ਤੇ ਲਿਖੀਆਂ ਜਾਣ ਜਿੰਨਾਂ ਨਾਲ ਸਮਾਜ ਸੁਧਾਰ ਹੋਵੇ। ਸਾਡੇ ਸਮਾਜ ਵਿੱਚ ਕਈ ਕੁਰੀਤੀਆਂ, ਬੁਰਾਈਆਂ ਹਨ ਜਿਨ੍ਹਾਂ ਬਾਰੇ ਕਵਿਤਾ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਇਸ ਦੇ ਨਾਲ ਹੀ ਅਜਕਲ ਨੌਜਵਾਨ ਪੀੜੀ ਨੂੰ ਨਸ਼ਿਆਂ ਵੱਲ ਲਗਾਉਣ, ਕਾਮ ਵਾਸ਼ਨਾ ਨੂੰ ਉਤੇਜਿਤ ਕਰਨ,ਹਥਿਆਰਾਂ ਦੀ ਵਰਤੋਂ ਕਰਨ ਅਤੇੇ ਲੱਚਰ ਗੀਤਾਂ ਆਦਿ ਦੀ ਭਰਮਾਰ ਹੈ ਜੋ ਪਰਵਾਰ ਵਿੱਚ ਬੈਠ ਕੇ ਸੁਣੇ ਵੀ ਨਹੀਂ ਜਾ ਸਕਦੇ ਅਤੇ ਸਮਾਜ ਲਈ ਖਤਰਨਾਕ ਵੀ ਹਨ।ਦੂਸਰੀ ਗੱਲ ਓਹ ਗੀਤ ਜਾਂ ਕਵਿਤਾਵਾਂ ਜੋ ਰੋਣ ਧੋਣ ਵਾਲੀਆਂ ਹੋਣ ਤੇ ਸਰੋਤਿਆਂ ਤੇ ਵੀ ਨਿਰਾਸ਼ਾਵਾਦੀ ਅਸਰ ਪਾਉਣ ਓਹ ਵੀ ਨਹੀਂ ਲਿਖਣੀਆਂ ਚਾਹੀਦੀਆਂ।ਸਭਿਆਚਾਰਕ ਅਤੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਵਿਤਾਵਾਂ ਲਿਖਣੀਆਂ ਚਾਹੀਦੀਆਂ ਹਨ।

ਵਿਸ਼ੇ ਨਾਲ ਸਬੰਧਤ ਕਿਸੇ ਕਿਸਮ ਦੇ ਸੁਆਲ ਜਾਂ ਆਪ ਪਾਸ ਕੋਈ ਹੋਰ ਜਾਣਕਾਰੀ ਹੋਵੇ ਤਾਂ ਵਟਸਐਪ ਨੰਬਰ 9988321245 ਤੇ ਭੇਜਣ ਦੀ ਕਿਰਪਾਲਤਾ ਕਰੋ ਜੀ

ਡਾ ਹਰੀ ਸਿੰਘ ਜਾਚਕ
9988321245
9988321246

show more

Share/Embed