ਕਵਿਤਾ ਕੀ ਹੈ || WHAT IS POETRY || DR HARI SINGH JACHAK
Dr. Hari Singh Jachak Dr. Hari Singh Jachak
2.58K subscribers
1,275 views
86

 Published On Jul 8, 2023

ਕਵਿਤਾ ਕੀ ਹੈ || WHAT IS POETRY || DR HARI SINGH JACHAK #kavita #poetry #literature ਕਵਿਤਾ ਕਿਵੇਂ ਲਿਖੀਏ?
ਕਵਿਤਾ ਕੀ ਹੈ

ਸਾਰੀ ਦੁਨੀਆਂ ਦੇ ਵਿਦਵਾਨਾਂ ਅਤੇ ਪ੍ਰਸਿੱਧ ਕਵੀ ਸਾਹਿਬਾਨ ਨੇ ਸੰਸਾਰ ਦੀਆਂ ਵੱਖ ਵੱਖ ਬੋਲੀਆਂ ਅਤੇ ਭਾਸ਼ਾਵਾਂ ਵਿੱਚ ਆਪੋ ਆਪਣੇ ਅਨੁਭਵਾਂ ਦੇ ਆਧਾਰ ਤੇ ਕਵਿਤਾ ਦੇ ਹਰੇਕ ਪੱਖ ਬਾਰੇ ਆਪੋ ਆਪਣੇ ਵਿਚਾਰ ਪਰਗਟ ਕੀਤੇ। ਇਸ ਦਾ ਸੰਸਾਰ ਦੇ ਸਾਹਿਤ ਵਿੱਚ ਮਹੱਤਵਪੂਰਨ ਸਥਾਨ ਹੈ ਅਤੇ ਇਹ ਸਾਹਿਤ ਦਾ ਇਕ ਅਨਿਖੜਵਾਂ ਅੰਗ ਹੈ। ਕਵਿਤਾ ਬਾਰੇ ਸੰਸਾਰ ਦੇ ਪ੍ਰਸਿੱਧ ਕਵੀ ਸਾਹਿਬਾਨ ਵਲੋਂ ਦਿਤੀਆਂ ਗਈਆਂ ਪ੍ਰਭਾਸ਼ਾਵਾਂ ਦੀ ਜਾਣਕਾਰੀ ਅਗਲੀ ਵਿਚਾਰ ਚਰਚਾ ਵਿੱਚ ਸਾਂਝੀ ਕਰਾਂਗੇ। ਅੱਜ ਕਵਿਤਾ ਕੀ ਹੈੈ, ਇਸ ਬਾਰੇ ਦਾਸ ਆਪ ਜੀ ਨਾਲ ਆਪਣੀ ਤੁਸ਼ ਬੁਧੀ ਅਨੁਸਾਰ ਵਿਚਾਰ ਸਾਂਝੇ ਕਰ ਰਿਹਾ ਹੈ।ਸਭ ਤੋਂ ਪਹਿਲਾਂ ਸਾਰੇ ਸਰੋਤਿਆਂ, ਕਵਿਤਾ ਬਾਰੇ ਜਾਨਣ ਦੇ ਚਾਹਵਾਨਾਂ ਅਤੇ ਕਵਿਤਾ ਪ੍ਰੇਮੀਆਂ ਨੂੰ ਜੀ ਆਇਆਂ ਨੂੰ ਕਹਿੰਦਾ ਹਾਂ।
ਇਹ ਆਮ ਤੌਰ ਤੇ ਮੰਨਿਆ ਅਤੇ ਕਿਹਾ ਜਾਂਦਾ ਹੈ ਕਿ ਜਦੋਂ ਤੋਂ ਜੀਵ ਹੋਂਦ ਵਿੱਚ ਆਇਆ ਹੈ, ਕਵਿਤਾ ਵੀ ਓਸ ਦੇ ਨਾਲ ਹੀ ਆਈ ਹੈ।ਇਸੇ ਤਰ੍ਹਾਂ ਇਹ ਵੀ ਕਿਹਾ ਜਾਂਦਾ ਹੈ ਕਿ ਮਨੁੱਖ ਨੇ ਜਦੋਂ ਜੀਭ ਨਾਲ ਕੁਝ ਬੋਲਿਆ ਤਾਂ ਉਸ ਨੇ ਪਹਿਲੀ ਆਵਾਜ਼ ਕਵਿਤਾ ਵਿੱਚ ਹੀ ਕੱਢੀ। ਇਸ ਗੱਲ ਦਾ ਵੀ ਕਈ ਜਗ੍ਹਾਂ ਤੇ ਜਿਕਰ ਆਉਂਦਾ ਹੈ ਕਿ ਕਵਿਤਾ ਦਿਲ ਅਥਵਾ ਹਿਰਦੇ ਦੀ ਬੋਲੀ ਹੈ ਕਿਉਂਕਿ ਇਹ ਹਿਰਦੇ ਦੀਆਂ ਤਰੰਗਾਂ ਵਿੱਚੋਂ ਉਪਜਦੀ ਹੈ।
ਕਵਿਤਾ ਦੀ ਬਣਤਰ ਨੂੰ ਅਸੀਂ ਹੇਠ ਲਿਖੇ ਅਨੁਸਾਰ ਵੀ ਸਮਝ ਸਕਦੇ ਹਾਂ
ਵਲਵਲੇ ਅਤੇ ਖਿਆਲਾਂ/ਵਿਚਾਰਾਂ ਦਾ ਪ੍ਰਵਾਹ
ਸਭ ਤੋਂ ਪਹਿਲਾਂ ਕਵਿਤਾ ਦਾ ਜਨਮ ਕਵੀ ਦੇ ਮਨ ਵਿੱਚ ਆਏ ਖਿਆਲਾਂ,ਵਿਚਾਰਾਂ, ਸੋਚਾਂ,ਜਜਬਿਆਂ, ਆਪ ਮੁਹਾਰੇ ਉਠੇ ਦਿਲੀ ਭਾਵਾਂ ਤੇ ਕਲਪਨਾ ਆਦਿ ਤੋਂ ਸ਼ੁਰੂ ਹੁੰਦਾ ਹੈ।ਇਹ ਕਵੀ ਦੇ ਹਿਰਦੇ ਵਿੱਚੋਂ ਆਪ—ਮੁਹਾਰੇ ਫੁੱਟਦੀ ਹੈ। ਕਈ ਵਾਰ ਤਾਂ ਸੁਪਨਿਆਂ ਵਿੱਚ ਵੀ ਕਵੀ ਕਵਿਤਾ ਨਾਲ ਜੁੜਿਆ ਰਹਿੰਦਾ ਹੈ।ਇਹ ਕਵੀ ਮਨ ਵਿੱਚ ਉਠ ਰਹੇ ਵਲਵਲੇ ਅਤੇ ਜਜ਼ਬਾਤ ਕਵੀਆਂ ਨੂੰ ਰਾਤ ਨੂੰ ਵੀ ਕਈ ਵਾਰ ਸੋਣ ਨਹੀਂ ਦਿੰਦੇ ਅਤੇ ਓਹ ਪੈਨ ਨਾਲ ਕਾਗਜ਼ ਦੀ ਹਿੱਕ ਉਤੇ ਲਿਖਣਾ ਸ਼ੁਰੂ ਕਰ ਦਿੰਦੇ ਹਨ ਅਤੇ ਸੋਹਣੇ ਸੋਹਣੇ ਸ਼ਬਦਾਂ ਨੂੰ ਚੁਣ ਕੇ ਕਵਿਤਾ ਨੂੰ ਸ਼ਬਦਾਂ ਦਾ ਜਾਮਾ ਪਹਿਨਾਉਣਾ ਸ਼ੁਰੂ ਕਰ ਦਿੰਦਾ ਹੈ ਅਤੇ ਇਸ ਨੂੰ ਮਾਲੋਮਾਲ ਕਰਦੇ ਹਨ।
ਪਿੰਗਲ ਤੇ ਅਰੂਜ਼ ਦੇ ਨਿਯਮਾਂ ਅਨੁਸਾਰ ਕਵਿਤਾ ਨੂੰ ਛੰਦਬੱਧ ਕਰਨਾ
ਸ਼ਬਦ ਓਹੋ ਹੀ ਹੁੰਦੇ ਹਨ ਪਰ ਕਵਿਤਾ ਦਾ ਜਾਮਾਂ ਪਹਿਨ ਕੇ ਇਹ ਜਾਦੂਮਈ ਅਸਰ ਵਿਖਾਉਂਦੇ ਹਨ।।ਕਵਿਤਾ ਦੀ ਵੰਨਗੀ ਨੂੰ ਧਿਆਨ ਵਿੱਚ ਰੱਖਦੇ ਹੋਏ ਕਵੀ ਲੋੜ ਅਨੁਸਾਰ ਪਿੰਗਲ ਤੇ ਅਰੂਜ਼ ਦੇ ਨਿਯਮਾਂ ਅਨੁਸਾਰ ਕਵਿਤਾ ਨੂੰ ਛੰਦਬੱਧ ਕਰਦਾ ਹੈ ਅਤੇ ਰਸ,ਅਲੰਕਾਰ, ਚਿੰਨ੍ਹਾਂ, ਪ੍ਰਤੀਕਾਂ ਆਦਿ ਨੂੰ ਥਾਂ ਥਾਂ ਤੇ ਸਜਾ ਕੇ ਇਸ ਨੂੰ ਭਾਵਪੂਰਤ ਅਤੇ ਪ੍ਰਭਾਵਸ਼ਾਲੀ ਬਣਾਉਦਾ ਹੈੈ।ਕਵੀ ਸੁਰ, ਲੈਅ—ਤਾਲ,ਧੁਨ ਅਤੇ ਵਜਨ ਤੋਲ ਦਾ ਵੀ ਖਾਸ ਖਿਆਲ ਰੱਖਦਾ ਹੈ ਤੇ ਇਨ੍ਹਾਂ ਸਭ ਦੀ ਇਕੱਠੀ ਤਾਕਤ ਨਾਲ ਸੋਨੇ ਤੇ ਸੁਹਾਗੇ ਵਾਲਾ ਕੰਮ ਕਰਦੀ ਹੈ। ਇਸੇ ਕਰਕੇ ਕਵਿਤਾ ਨੂੰ ਸ਼ਾਬਦਿਕ ਕਲਾ ਅਤੇ ਕਵੀ ਨੂੰ ਸ਼ਬਦਾਂ ਦਾ ਜਾਦੂਗਰ ਵੀ ਕਿਹਾ ਜਾਂਦਾ ਹੈ।
ਕਵਿਤਾ ਨੂੰ ਲੋਕਾਂ ਤੱਕ ਪਹੁੰਚਾਉਣਾ
ਕਵੀ ਕਈ ਢੰਗ ਤਰੀਕੇ ਵਰਤ ਕੇ ਕਵਿਤਾ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕਰਦਾ ਹੈ ਅਤੇ ਇਹ ਕਵਿਤਾ ਕਵੀ ਦੀਆਂ ਸੂਖਮ ਭਾਵਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟ ਕਰਦੀ ਹੋਈ ਪਾਠਕ/ਸਰੋਤੇ ਦੀ ਰੂਹ ਵਿੱਚ ਪ੍ਰਵੇਸ਼ ਕਰ ਜਾਂਦੀਆਂ ਹਨ ਅਤੇ ਉਸ ਨੂੰ ਸਰਸ਼ਾਰ ਕਰ ਦਿੰਦੀ ਹੈ।
ਕਵਿਤਾ ਰੱਬ ਦੀ ਦਾਤ
ਕਈ ਕਵੀਆਂ ਅਤੇ ਵਿਦਵਾਨਾਂ ਦਾ ਇਹ ਵੀ ਵਿਚਾਰ ਹੈ ਕਿ ਕਵਿਤਾ ਨੂੰ ਸਿੱਖਿਆ ਜਾਂ ਸਿਖਾਇਆ ਨਹੀਂ ਜਾ ਸਕਦਾ। ਇਹ ਤਾਂ ਰੱਬ ਦੀ ਦਾਤ ਹੈ।ਇਸੇ ਕਰਕੇ ਹੀ ਗੁਰੂ ਸਾਹਿਬਾਨ ਅਤੇ ਹੋਰ ਮਹਾਪੁਰਖਾਂ ਵਲੋਂ ਰਚੀ ਗੁਰਬਾਣੀ ਨੂੰ ਅਸੀਂ ਆਮ ਕਵਿਤਾ ਦੀ ਥਾਂ ਤੇ ‘ਧੁਰ ਕੀ ਬਾਣੀ’ ਕਹਿ ਕੇ ਸਤਿਕਾਰ ਦਿੰਦੇ ਹਾਂ।

ਕਵਿਤਾ ਦੀ ਭਾਸ਼ਾ
ਕਵਿਤਾ ਬਹੁਤ ਹੀ ਸਰਲ ਭਾਸ਼ਾ ਵਿੱਚ ਹੋਣੀ ਚਾਹੀਦੀ ਹੈ ਅਤੇ ਸਰੋਤਿਆਂ/ ਪੜ੍ਹਨ ਵਾਲਿਆਂ ਨੂੰ ਸਮਝ ਆਉਂਣ ਵਾਲੀ ਅਤੇ ਇਤਨੀ ਰਸ ਭਰਪੂਰ ਵੀ ਹੋਵੇ ਕਿ ਇਕ ਵਾਰ ਪੜ੍ਹਨ/ਸੁਣਨ ਉਪਰੰਤ ਦੁਬਾਰਾ ਫਿਰ ਪੜ੍ਹਨ/ਸੁਣਨ ਨੂੰ ਦਿਲ ਕਰੇ।ਸਟੇਜੀ ਕਵਿਤਾ ਤਾਂ ਖਾਸ ਤੌਰ ਤੇ ਬੜੀ ਸਪੱਸ਼ਟ ਤੇ ਇਕਦਮ ਸਮਝ ਆਉਣ ਵਾਲੀ ਹੋਣੀ ਚਾਹੀਦੀ ਹੈ।
ਵੱਡੀ ਗੱਲ ਨੂੰ ਛੋਟੇ ਸਬਦਾਂ ਵਿਚ ਕਹਿੰਦੀ ਹੈ ਕਵਿਤਾ
ਕਵਿਤਾ ਰਾਹੀਂ ਅਸੀਂ ਆਪਣੇ ਮਨ ਦੇ ਹਾਵ ਭਾਵ ਦੂਸਰਿਆਂ ਅੱਗੇ ਬਹੁਤ ਆਸਾਨੀ ਨਾਲ ਰੱਖ ਸਕਦੇ ਹਾ ਜਾਂ ਫਿਰ ਇਹ ਕਹਿ ਲਓ ਕਿ ਬਹੁਤ ਕਵਿਤਾ ਦੇ ਰੂਪ ਵਿਚ ਕਿਹਾ ਹਾ ਸਕਦਾ ਹੈ।ਇਹ ਕਵੀ ਦੇ ਅੰਦਰੋਂ ਉਠ ਉਠ ਕੇ ਬਾਹਰ ਆ ਰਹੇ ਜਜਬਿਆਂ ਦੇ ਵਲਵਲਿਆਂ ਦਾ ਬੇਰੋਕ ਉਛਾਲਾ ਹੈ ਤੇ ਇਹ ਉਛਾਲਾ ਹੀ ਕਵਿਤਾ ਦੀ ਸ਼ਕਲ ਵਿੱਚ ਪਰਗਟ ਹੋ ਜਾਂਦਾ ਹੈ।
ਅਸਲ ਕਵਿਤਾ ਦੀ ਸਿਰਜਣਾ

ਤਿਆਰ ਬਰ ਤਿਆਰ ਕਵਿਤਾ ਦਾ ਹਰ ਕੋਈ ਅਨੰਦ ਮਾਣਦਾ ਹੈ ਪਰ ਅਸਲ ਕਵਿਤਾ ਦੀ ਸਿਰਜਣਾ ਕਿੰਨੀ ਕਠਿਨ ਤਪੱਸਿਆ ਹੈ, ਕਿੰਨਾ ਘੋਲ ਕਰਨਾ ਪੈਂਦਾ ਹੈ ਇਸ ਬਾਰੇ ਇਸ ਗੱਲ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਅਸਲੀ ਕਵਿਤਾ ਜਨਮ ਪੀੜਾ ਸਹਿਣ ਕੀਤੇ ਬਿਨ੍ਹਾਂ ਨਹੀਂ ਰਚੀ ਜਾ ਸਕਦੀ।ਇਹ ਵੀ ਕਿਹਾ ਜਾਂਦਾ ਹੈ ਕਿ ਕਵਿਤਾ ਜਵਾਲਾਮੁੱਖੀ ਦੀ ਅੱਗ ਵਾਂਗ ਸਿੱਧੀ ਅਨੁਭਵ ਦੀ ਅੰਗੀਠੀ ਵਿਚੋਂ ਨਿਕਲਦੀ ਹੈ ਅਤੇ ਬਾਅਦ ਵਿੱਚ ਸਦੀਵੀ ਰੂਪ ਧਾਰਨ ਕਰ ਜਾਂਦੀ ਹੈ।

ਕਵਿਤਾ ਸੁਣਨ ਅਤੇ ਪੜ੍ਹਨ ਦਾ ਸ਼ੋਂਕ
ਅਜਕਲ ਕਵਿਤਾ ਸੁਣਨ ਅਤੇ ਕਵਿਤਾਵਾਂ ਪੜ੍ਹਨ ਦਾ ਸ਼ੋਂਕ ਘਟਦਾ ਜਾ ਰਿਹਾ ਹੈ ਪਰ ਜਿਨ੍ਹਾਂ ਨੂੰ ਕਵਿਤਾ ਸੁਣਨ ਦਾ ਸ਼ੋਂਕ ਪੈਦਾ ਹੋ ਜਾਂਦਾ ਹੈ ਓਹ ਕਵਿਤਾ ਦਾ ਅਨੰਦ ਮਾਣਦੇ ਹਨ ਤੇ ਕਵੀ ਦੀ ਕਾਵਿ ਕਲਾ ਦੇ ਮੁਰੀਦ ਵੀ ਬਣ ਜਾਂਦੇ ਹਨ।
ਸੰਖੇਪ ਵਿੱਚ ਕਹਿ ਸਕਦੇ ਹਾਂ
ਸੰਖੇਪ ਵਿੱਚ, ਛੰੰਦ—ਰਚਨਾ ਦੇ ਨੇਮਾਂ ਦੇ ਅਨੁਸਾਰ ਰਚੀ ਹੋਈ ਲੈ ਤੇ ਰਸ ਨਾਲ ਭਰੀ ਹੋਈ ਅਤੇ ਵਲਵਲੇ ਤੇ ਵਿਚਾਰ ਦੀ ਸੁੰਦਰਤਾ ਵਾਲੀ ਰਚਨਾ ਨੂੰ ਕਵਿਤਾ ਕਹਿੰਦੇ ਹਨ।ਕਵਿਤਾ ਦੇ ਦੋ ਅੰਗ ਹਨ, ਪਹਿਲਾ ਲੈ ਤੇ ਤਾਲ ਜਾਂ ਸੁਰ ਅਰਥਾਤ ਪਿੰਗਲ ਦੇ ਨਿਯਮਾਂ ਅਨੁਸਾਰ ਚੁਣੇ ਤੇ ਗੁੰਦੇ ਹੋਏ ਸੁੰਦਰ ਢੁਕਵੇਂ ਸ਼ਬਦ ਅਤੇ ਦੂਜਾ ਓਨ੍ਹਾਂ ਸ਼ਬਦਾਂ ਵਿਚਲੇ ਵਲਵਲੇ ਅਤੇ ਵਿਚਾਰ। ਪਹਿਲੇ ਅੰਗ ਨੂੰ ਕਵਿਤਾ ਦਾ ਸਰੀਰ ਤੇ ਦੂਜੇ ਨੂੰ ਉਸ ਦੀ ਰੂਹ ਕਿਹਾ ਜਾ ਸਕਦਾ ਹੈ। ਅਸਲ ਵਿੱਚ ਜਿਸ ਰਚਨਾ ਵਿੱਚ ਕਵਿਤਾ ਦੀ ਰੂਹ ਤੇ ਕਵਿਤਾ ਦੇ ਸਰੀਰ ਦਾ ਮੇਲ ਨਾ ਹੋਵੇ ਓਹ ਅਸਲ ਕਵਿਤਾ ਨਹੀਂ ਅਖਵਾ ਸਕਦੀ।

ਅਗਲੀ ਵਿਚਾਰ ਚਰਚਾ ਕਵਿਤਾ ਦੀਆਂ ਪ੍ਰਭਾਸ਼ਾ ਤੇ ਕਰਾਂਗੇ।ਦਾਸ ਦੀ ਯੂ ਟਿਊਬ ਤੇ ਵਿਚਾਰਾਂ ਨੂੰ ਸਰਵਣ ਕਰਦੇ ਰਹਿਣਾ ਜੀ ਅਤੇ ਅੱਗੇ ਦੀ ਅੱਗੇ ਸ਼ੇਅਰ ਵੀ ਜਰੂਰ ਕਰਦੇ ਰਹਿਣਾ ਜੀ ਤਾਂ ਕਿ ਕਵਿਤਾ ਰਚਣ ਵਾਲਿਆਂ ਅਤੇ ਕਵਿਤਾ ਦੀ ਜਾਣਕਾਰੀ ਪ੍ਰਾਪਤ ਕਰਨ ਵਾਲਿਆਂ ਦੇ ਗਿਆਨ ਵਿੱਚ ਵਾਧਾ ਹੁੰਦਾ ਰਹੇ।ਕਿਸੇ ਕਿਸਮ ਦੇ ਸੁਝਾਅ 9988321245 ਤੇ ਭੇਜਣ ਦੀ ਕਿਰਪਾਲਤਾ ਕਰਨੀ ਜੀ ਤਾਂ ਕਿ ਅਗਲੀ ਵਿਚਾਰ ਚਰਚਾ ਵਿੱਚ ਸ਼ਾਮਲ ਕੀਤੇ ਜਾ ਸਕਣ।ਬਹੁਤ ਬਹੁਤ ਧੰਨਵਾਦ ਜੀ

ਡਾ ਹਰੀ ਸਿੰਘ ਜਾਚਕ
9988321245
9988321246

show more

Share/Embed